ਫਗਵਾੜਾ,6 ਜੂਨ ( ਕੁਲਦੀਪ ਸਿੰਘ ਨੂਰ/ਵਿਨੋਦ ਸ਼ਰਮਾ ) ਪੰਜਾਬ ਵਿੱਚ ਸਰਕਾਰੀ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਅਧਿਕਾਰੀ ਘੱਟ ਹੀ ਅਮਲ ਕਰਦੇ ਦਿਖਾਈ ਦੇ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਬਲਾਕ ਫਗਵਾੜਾ ਅਧੀਨ ਆਉਂਦੇ ਪਿੰਡ ਖਲਵਾੜਾ ਅਤੇ ਖਲਵਾੜਾ ਕਲੌਨੀਆਂ ਵਿੱਚ ਖਸਰਾ ਨੰਬਰ 662, 709, 710, 711, 714, ਵਿੱਚ ਆਉਂਦੀ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਫਗਵਾੜਾ ਵੱਲੋਂ ਦਫ਼ਤਰ ਖੇਤਰ ਕਾਨੂੰਗੋ ਨੂੰ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ ਸਨ ਕੇ ਮੌਜੂਦਾ ਪਟਵਾਰੀ ਖਲਵਾੜਾ ਤੋਂ ਉਕਤ ਖਸਰਾ ਨੰਬਰਾਂ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਪਰ ਅੱਜ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਪਟਵਾਰੀ ਸਾਬ ਵੱਲੋਂ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਟਾਲਮਟੋਲ ਕੀਤਾ ਜਾ ਰਿਹਾ ਹੈ। ਜੱਥੇਦਾਰ ਸਰੂਪ ਸਿੰਘ ਖਲਵਾੜਾ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਮੰਤਰੀ ਨਵੇਂ-ਨਵੇਂ ਐਲਾਨ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਖ਼ਤੀ ਦਿਖਾਉਣ ਦੀ ਥਾਂ ਆਪਣੇ ਹੀ ਆਲਾ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਜਿਸ ਕਾਰਨ ਕੋਈ ਵੀ ਸਰਕਾਰੀ ਕੰਮ ਪੂਰਾ ਨਹੀਂ ਹੋ ਰਿਹਾ ਹੈ। ਇਸ ਮੌਕੇ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੇ ਸਬੰਧਿਤ ਮਹਿਕਮੇ ਦੇ ਕੈਬਨਿਟ ਮੰਤਰੀ ਪੰਜਾਬ ਅਤੇ ਡੀਸੀ ਕਪੂਰਥਲਾ ਸ਼੍ਰੀ ਕੈਪਟਨ ਕਰਨੈਲ ਸਿੰਘ ਨਾਲ ਵੀ ਇਸ ਮਸਲੇ ਤੇ ਗੱਲਬਾਤ ਕੀਤੀ ਹੈ ।
: ਆਲਾ ਸਰਕਾਰੀ ਪ੍ਰਸ਼ਾਸਨਿਕ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਪਟਵਾਰੀ ਸਾਬ