ਆਰਟੀਫੀਸ਼ਲ ਇੰਟੈਲੀਜੈਂਸ (ਬਨਾਵਟੀ ਗਿਆਨ) ਵਿਦਿਆਰਥੀਆਂ ਲਈ ਚੰਗਾ ਜਾਂ ਮਾੜਾ ?..ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325

पंजाब
Spread the love
Visits:188 Total: 79989

ਵਿਗਿਆਨ ਦਾ ਅਜੋਕੇ ਸਮੇਂ ਵਿਚ ਵਡਮੁੱਲਾ ਯੋਗਦਾਨ ਹੈ।ਸਾਡੀ ਜਿੰਦਗੀ ਨੂੰ ਸੁਖਾਵਾਂ ਅਤੇ ਆਰਾਮਦਾਇਕ ਬਣਾਉਣ ਲਈ ਵਿਗਿਆਨ ਨੇ ਜੋ ਕੰਮ ਕੀਤੇ ਹਨ ਉਹ ਕਿਸੇ ਸਮੇਂ ਵਿੱਚ ਸੋਚੇ ਵੀ ਨਹੀਂ ਜਾ ਸਕਦੇ ਸਨ। A.I. ਅਜੋਕੇ ਵਿਗਿਆਨੀਆਂ ਦੀ ਵੱਡੀ ਦੇਣ ਹੈ ਜਿਸ ਦਾ ਵਰਤੋ ਕਈ ਵਪਾਰਕ ਕੰਪਨੀਆਂ ਨੇ ਆਪਣੇ ਫ਼ਾਇਦੇ ਲਈ ਕੀਤਾ। A.I ਦੀ ਖੋਜ ‘ਜਾਨ ਮਕਰਾਥੀ’ ਨੇ 1950 ਈ. ਵਿੱਚ ਕੀਤੀ । ਇਸਦੀ ਵਰਤੋ ਸਵੈਚਲਿਤ ਮਸ਼ੀਨਾਂ ਬਣਾਉਣ ਲਈ ਕੀਤੀ ਜਾਂਦੀ ਹੈ । ਇਹ ਮਸ਼ੀਨਾਂ ਲਾਰਨਿੰਗ ਅਲੇਗੋਰਿਥਮ ਅਤੇ ਮਾਡਲ ਦੀ ਮਦਦ ਨਾਲ ਮੈਡੀਸਿਨ,ਪੜ੍ਹਾਈ ਅਤੇ ਹੋਰ ਬਹੁਤ ਸੰਸਥਾਵਾਂ ਲਈ ਕੰਮ ਕਰਦੀਆਂ ਹਨ।ਅੱਜ ਦੇ ਸਮੇਂ ਵਿਚ ਫੇਸਬੁੱਕ, ਇੰਸਟਾਗ੍ਰਾਮ, ਸਨੈਪ ਚੈਟ, ਚੈਟ ਬੋਟ ਆਦਿ ਵਿਚ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਅਸੀਂ ਅੱਜ AI ਦਾ ਵਿੱਦਿਆਰਥੀਆਂ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ।ਪੜ੍ਹਨ ਅਤੇ ਪੜ੍ਹਾਉਣ ਦੇ ਢੰਗ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਇਸਦਾ ਇਕ ਵਿਲੱਖਣ ਗੁਣ ਹੈ।ਇਹ ਜਿੰਨਾ ਅਧਿਆਪਕਾਂ ਲਈ ਕਾਰਗਰ ਹੈ ਉਨ੍ਹਾਂ ਹੀ ਵਿੱਦਿਆਰਥੀਆਂ ਲਈ ਵੀ ਚੰਗਾ ਹੈ।ਜੇਕਰ ਕੋਈ ਵਿੱਦਿਆਰਥੀ ਗੂਗਲ, ਚੈਟ ਬੋਟ,ਅਲੈਕਸਾ ਜਾਂ ਕਿਸੇ ਹੋਰ ਪਲੇਟਫਾਰਮ ‘ਤੇ AI ਦਾ ਇਸਤਮਾਲ ਕਰੇ ਤਾਂ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਬੜੀ ਜਲਦੀ ਮਿਲ ਜਾਣਗੇ।ਮੰਨ ਲਓ ਇੱਕ ਵਿੱਦਿਆਰਥੀ ਘਰ ਵਿੱਚ ਇਕੱਲਾ ਬੈਠਾ ਹੋਵੇ ਅਤੇ ਰਾਤ ਦਾ ਸਮਾਂ ਹੋਵੇ ਪਰ ਉਸਦਾ ਕੋਈ ਸਵਾਲ ਹੱਲ ਨਾ ਹੋ ਰਿਹਾ ਹੋਵੇ,ਉਸ ਸਮੇਂ AI ਇੱਕ ਅਧਿਆਪਕ ਦੀ ਤਰਾਂ ਉਸ ਦੀ ਮਦਦ ਕਰ ਸਕਦਾ ਹੈ। ਕੋਈ ਵੀ ਸਵਾਲ, ਚਾਹੇ ਉਸਦੀ ਨਿੱਜਤਾ ਨਾਲ ਜੁੜਿਆ ਹੋਵੇ ਜਾਂ ਉਸਦੀ ਪਾਠ ਪੁਸਤਕ ਨਾਲ ਜੁੜਿਆ ਹੋਵੇ, ਦਾ ਹੱਲ AI ਤੋਂ ਪੁੱਛਿਆ ਜਾ ਸਕਦਾ ਹੈ ਜੋ ਕਿ ਉਹ ਅਧਿਆਪਕ ਜਾਂ ਮਾਤਾ-ਪਿਤਾ ਤੋਂ ਪੁੱਛਣ ਤੋਂ ਝਿਜਕਦਾ ਹੈ। ਵਿੱਦਿਆਰਥੀ AI ਦਾ ਇਸਤਮਾਲ ਨਾ ਕੇਵਲ ਪੜ੍ਹਨ ਲਈ ਕਰ ਸਕਦਾ ਹੈ ਬਲਕਿ ਜਦੋਂ ਕਿਤੇ ਪੜ੍ਹਾਈ ਤੋਂ ਮਨ ਭਰ ਜਾਏ ਤਾਂ ਇਸ ਨਾਲ ਆਪਣਾ ਮਨੋਰੰਜਨ ਵੀ ਕਰ ਸਕਦਾ ਹੈ।ਜਿਵੇਂ ਗੇਮ ਖੇਡਣਾ,ਗਾਣੇ ਸੁਣਨਾ,ਖਬਰਾਂ ਸੁਣਨਾ ਆਦਿ।

ਪਰ ਅਜੋਕੇ ਸਮੇਂ ਵਿਚ ਇਸਦੇ ਕੁਝ ਦੁਸ਼ਪ੍ਰਭਾਵ ਨਜ਼ਰ ਆ ਰਹੇ ਹਨ।ਜੇਕਰ ਮਾਹਰਾਂ ਦੀ ਗਲ ਮੰਨੀਏ ਤਾਂ ਭਵਿੱਖ ਵਿਚ ਇਸਦੇ ਇਸਤਮਾਲ ਦੇ ਬਹੁਤ ਹੀ ਖਤਰਨਾਕ ਸਿੱਟੇ ਨਜ਼ਰ ਆਉਣਗੇ।
ਵਿੱਦਿਆਰਥੀਆਂ ਦਾ ਸਕ੍ਰੀਨ ਟਾਇਮ ਬਹੁਤ ਜਿਆਦਾ ਵਧ ਰਿਹਾ ਹੈ ।ਜਿਸ ਨਾਲ ਉਨ੍ਹਾਂ ਦੀ ਅੱਖਾਂ ਦੇ ਨਾਲ-ਨਾਲ ਉਨ੍ਹਾਂ ਦੀ ਇਕਾਗਰਤਾ ਉਤੇ ਵੀ ਬਹੁਤ ਅਸਰ ਪੈ ਰਿਹਾ ਹੈ। ਜੋ ਵਿੱਦਿਆਰਥੀ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ 2 ਘੰਟੇ ਤੋਂ ਵਧ ਕਰਦੇ ਹਨ,ਉਨ੍ਹਾਂ ਦੀਆਂ ਅੱਖਾਂ ਤੇ ਦਿਮਾਗ ਉੱਤੇ ਇਸਦੇ ਮਾੜੇ ਅਸਰ ਪੈ ਰਹੇ ਹਨ।ਕੁਝ ਵਿਸ਼ਾ ਮਾਹਰਾਂ ਦਾ ਇਹ ਮੰਨਣਾ ਹੈ ਕਿ ਵਿੱਦਿਆਰਥੀ AI ਦਾ ਇਸਤਮਾਲ ਲੋੜ ਤੋਂ ਵੱਧ ਕਰ ਰਹੇ ਹਨ।ਉਹ ਛੋਟੀ ਤੋਂ ਛੋਟੀ ਸਮੱਸਿਆ ਦਾ ਹਲ AI ਕੋਲੋਂ ਪੁੱਛਦੇ ਹਨ।ਜਿਵੇਂ ਗਣਿਤ ਦੇ ਸਵਾਲ,ਇਤਿਹਾਸ ਦੀਆਂ ਤਰੀਕਾਂ, ਵਿਗਿਆਨ ਦੇ ਨਿਯਮ ਆਦਿ।ਇਸ ਨਾਲ ਵਿੱਦਿਆਰਥੀਆਂ ਦਾ ਬੌਧਿਕ ਵਿਕਾਸ ਰੁਕ ਰਿਹਾ ਹੈ ਅਤੇ ਉਨ੍ਹਾਂ ਦੀ ਸਿੱਖਣ ਦੀ ਪ੍ਰਵਿਰਤੀ ਰੁੱਕ ਰਹੀ ਹੈ।ਉਹ ਕੁਝ ਸਿੱਖਣ ਨਾਲੋ AI ਦੀ ਵਰਤੋਂ ਕਰਨਾ ਜ਼ਿਆਦਾ ਸੌਖਾ ਸਮਝਦੇ ਹਨ।
ਇਹ ਕੁੱਝ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਜਿਮ ਜਾ ਰਹੇ ਹੋ ਪਰ ਤੁਹਾਡੀ ਜਗ੍ਹਾ ਵਰਜਿਸ਼ ਕੋਈ ਹੋਰ ਕਰ ਰਿਹਾ ਹੈ ।ਹੁਣ ਤੁਸੀਂ ਆਪ ਦੱਸੋ ਕਿ ਸਿਹਤ ਕਿਸਦੀ ਵਧੀਆ ਹੋਵੇਗੀ ,ਜਿਮ ਵਿੱਚ ਵਰਜਿਸ਼ ਕਰਨ ਵਾਲੇ ਦੀ ਜਾਂ ਸਿਰਫ ਜਿਮ ਜਾ ਕੇ ਬੈਠਣ ਵਾਲੇ ਦੀ।ਇੱਕ ਅਧਿਆਪਕ ਵਜੋਂ ਮੇਰਾ ਇਹ ਮੰਨਣਾ ਹੈ ਕਿ ਇਸ ਦੀ ਵਰਤੋਂ ਅਤੇ ਇਸਦੇ ਵੱਧ ਰਹੇ ਪ੍ਰਸਾਰ ਤੇ ਅੰਕੁਸ਼ ਲੱਗਣਾ ਚਾਹੀਦਾ ਹੈ। ਇਹ ਕਿਸ ਤਰ੍ਹਾਂ ਹੋਵੇਗਾ ਇਹ ਤਾਂ AI ਬਣਾਉਣ ਵਾਲੇ ਵਿਗਿਆਨੀ ਬਿਹਤਰ ਜਾਣਦੇ ਹਨ ।ਪਰ ਮੇਰਾ ਮੰਨਣਾ ਹੈ ਕਿ ਘਰ ਵਿੱਚ ਮਾਤਾ-ਪਿਤਾ, ਸਕੂਲ ਵਿੱਚ ਅਧਿਆਪਕ ਅਤੇ ਬਾਕੀ ਸਮਾਜ ਦੇ ਵਰਗਾਂ ਦੇ ਲੋਕ ਆਪਣਾ ਯੋਗਦਾਨ ਇਸ ਉੱਤੇ ਅੰਕੁਸ਼ ਲਗਾਉਣ ਲਈ ਕਰ ਸਕਦੇ ਹਨ। ਬੱਚਿਆਂ ਦਾ ਹੋਮਵਰਕ ਮਾਤਾ-ਪਿਤਾ ਨੂੰ ਆਪਣੇ ਸਾਹਮਣੇ ਕਰਵਾਉਣਾ ਚਾਹੀਦਾ ਹੈ। ਅਧਿਆਪਕ ਨੂੰ ਛੋਟੇ-ਛੋਟੇ ਟੈਸਟ ਲੈਣੇ ਚਾਹੀਦੇ ਹਨ ,ਚਾਹੇ ਉਹ ਮੌਖਿਕ ਹੀ ਹੋਣ ।ਬੱਚਿਆਂ ਨੂੰ AI ਦੇ ਲਾਭਾਂ ਬਾਰੇ ਤਾਂ ਦੱਸਣਾ ਹੀ ਚਾਹੀਦਾ ਹੈ, ਪਰ ਇਸ ਦੇ ਨਾਲ-ਨਾਲ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਦੀ ਵਰਤੋਂ ਕਿੱਥੇ ਕਿੱਥੇ ਨਹੀਂ ਕਰਨੀ ਚਾਹੀਦੀ ਜਾਂ ਘੱਟ ਕਰਨੀ ਚਾਹੀਦੀ ਹੈ

ਅਧਿਆਪਕ ਦੀ ਕਲਮ ਤੋਂ,
ਧਰਮਪਾਲ ਸਿੰਘ।

Leave a Reply

Your email address will not be published. Required fields are marked *