ਜਲੰਧਰ…..ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਿਰਦੇਸ਼ਾਂ ਤਹਿਤ ਅੱਜ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਪ੍ਰਿੰਸੀਪਲ-ਕਮ-ਨੋਡਲ ਅਫ਼ਸਰ ਸੁਖਦੇਵ ਲਾਲ ਬੱਬਰ ਅਤੇ ਪ੍ਰਿੰਸੀਪਲ ਰਾਜੀਵ ਹਾਂਡਾ ਦੀ ਅਗਵਾਈ ਹੇਠ ‘ਗ੍ਰੀਨ ਸਕੂਲ ਪ੍ਰੋਗਰਾਮ’ਤਹਿਤ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।
ਇਹ ਵਰਕਸ਼ਾਪ ਵਾਤਾਵਰਣ ਸਿੱਖਿਆ ਨੂੰ ਕਿਰਿਆਵੀ ਰੂਪ ਦੇਣ ਅਧੀਨ ਕਰਵਾਈ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ, ਗ੍ਰੀਨ ਦੀਵਾਲੀ ਅਤੇ ਪਰਾਲੀ ਨਾ ਸਾੜਨ ਨੂੰ ਲੈ ਕੇ ਵਿੱਦਿਆਰਥੀਆਂ ਨੂੰ ਜਾਗਰੁਕ ਕਰਨਾ ਸਮੇਂ ਦੀ ਮੰਗ ਹੈ।
ਸਹਾਇਕ ਨੋਡਲ ਅਫ਼ਸਰ ਹਰੀਦਰਸ਼ਨ ਸਿੰਘ ਵੱਲੋ ਪਾਣੀ, ਹਵਾ ਅਤੇ ਭੋਜਨ ਬਾਰੇ ਜਾਗਰੂਕ ਕਰਦਿਆਂ ਸਕੂਲ ਵਿੱਚ ਵਿੱਦਿਆਰਥੀਆਂ ਨੂੰ ਇਨ੍ਹਾਂ ਦੀ ਮਹਤੱਤਾ ਦੱਸਣ ਲਈ ਜ਼ੋਰ ਦਿੱਤਾ।
ਸਹਾਇਕ ਨੋਡਲ ਅਫ਼ਸਰ ਹਰਜੀਤ ਬਾਵਾ ਵੱਲੋ ਗ੍ਰੀਨ ਸਕੂਲ ਪ੍ਰੋਗਰਾਮ ਦੀ ਮਹੱਤਤਾ ਅਤੇ ਸਕੂਲ ਦੇ ਵੇਸਟ ਦੀ ਸਾਂਭ ਸੰਭਾਲ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਵੀ ਹਾਜ਼ਰ ਰਹੇ। ਉਹਨਾਂ ਵਲੋਂ ਵਰਕਸ਼ਾਪ ਵਿੱਚ ਹਿੱਸਾ ਲੈਣ ਆਏ ਸਮੂਹ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਬਲਾਕ ਆਦਮਪੁਰ , ਅਲਾਵਲਪੁਰ, ਭੋਗਪੁਰ ਕਰਤਾਰਪੁਰ, ਪੂਰਬੀ-1, ਪੂਰਬੀ-4, ਅਤੇ ਪੱਛਮੀ-1 ਅਤੇ ਪੱਛਮੀ-2 ਦੇ 200 ਤੋ ਵੱਧ ਸਕੂਲ ਕੋਆਰਡੀਨੇਟਰਾ ਨੇ ਭਾਗ ਲਿਆ।