ਫਗਵਾੜਾ …ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਸਟੇਟ ਬਾਡੀ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਸੀਨੀਅਰ ਕਿਸਾਨ ਆਗੂਆਂ ਦੀ ਗਿਰਫਤਾਰੀ ਅਤੇ ਪਿਛਲੇ 13 ਮਹੀਨੇ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਧਰਨੇ ਨੂੰ ਜਬਰਦਸਤੀ ਖਤਮ ਕਰਾਉਣ ਨੂੰ ਲੈ ਕੇ ਤਿੱਖਾ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਸਾਹਨੀ ਤੋਂ ਇਲਾਵਾ ਸੀਨੀਅਰ ਆਗੂ ਸੰਤੋਖ ਸਿੰਘ ਲੱਖਪੁਰ, ਕੁਲਵਿੰਦਰ ਸਿੰਘ ਕਾਲਾ ਅਠੌਲੀ ਅਤੇ ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈਸ ਸਕੱਤਰ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ ‘ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਕਿਸਾਨਾ ਨਾਲ ਧੱਕੇਸ਼ਾਹੀ ਤੇ ਉਤਾਰੂ ਹੈ। ਕਿਸਾਨ ਆਗੂਆਂ ਨੂੰ ਗੱਲਬਾਤ ਲਈ ਚੰਡੀਗੜ੍ਹ ਬੁਲਾ ਕੇ ਧੋਖੇ ਨਾਲ ਗਿਰਫਤਾਰੀ ਅਤੇ ਸ਼ਾਂਤੀਪੂਰਣ ਧਰਨੇ ਨੂੰ ਪੁਲਿਸ ਰਾਹੀਂ ਸਖਤੀ ਨਾਲ ਖਤਮ ਕਰਵਾਉਣਾ ਲੋਕਤੰਤਰ ਦਾ ਘਾਣ ਹੈ। ਉਹਨਾਂ ਪੁਲਿਸ ਵਲੋਂ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਦੇ ਟਰੈਕਟ, ਟਰਾਲੀਆਂ ਅਤੇ ਹੋਰ ਕੀਮਤੀ ਸਮਾਨ ਨੂੰ ਖੁਰਦ-ਬੁਰਦ ਕਰਨ ਦੀ ਵੀ ਸਖਤ ਨਖੇਦੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਗਿਰਫਤਾਰ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਹਮਖਿਆਲੀ ਜੱਥੇਬੰਦੀਆਂ ਨੂੰ ਨਾਲ ਲੈ ਕੇ 24 ਮਾਰਚ ਦਿਨ ਸੋਮਵਾਰ ਨੂੰ ਐਸ.ਡੀ.ਐਮ. ਫਿਲੋਰ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸੇ ਤਰ੍ਹਾਂ 29 ਮਾਰਚ ਦਿਨ ਸ਼ਨੀਵਾਰ ਨੂੰ ਡੀ.ਸੀ. ਦਫਤਰ ਹੁਸ਼ਿਆਰਪੁਰ ਦਾ ਘਿਰਾਓ ਕਰਕੇ ਪੁਤਲਾ ਫੂਕਿਆ ਜਾਵੇਗਾ। ਉਹਨਾਂ ਤਿੱਖੇ ਲਹਿਜੇ ਵਿਚ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨਾਂ ਤੇ ਹੋਏ ਜੋਰ, ਜਬਰ ਅਤੇ ਜੁਲਮ ਨੂੰ ਲੈ ਕੇ ਸਮੂਹ ਪੰਜਾਬੀਆਂ ਵਿੱਚ ਭਾਰੀ ਰੋਹ ਹੈ। ਭਗਵੰਤ ਮਾਨ ਸਰਕਾਰ ਨੂੰ ਇਸ ਜੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਪਟਿਆਲਾ ਵਿਖੇ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਵਲੋਂ ਫੌਜੀ ਕਰਨਲ ਨਾਲ ਕੀਤੀ ਕੁੱਟਮਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਰੇਆਮ ਪੁਲਿਸ ਦੀ ਗੁੰਡਾਗਰਦੀ ਚਲ ਰਹੀ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਉਹਨਾਂ ਫੌਜੀ ਕਰਨਲ ਨਾਲ ਕੁੱਟਮਾਰ ਦੀ ਵੀ ਸਖਤ ਨਖੇਦੀ ਕੀਤੀ ਅਤੇ ਕਿਹਾ ਕਿ ਪੀੜ੍ਹਤ ਪਰਿਵਾਰ ਦੇ ਇਨਸਾਫ ਲਈ ਵੀ ਕਿਸਾਨ ਜੱਥੇਬੰਦੀ ਆਵਾਜ ਬੁਲੰਦ ਕਰੇਗੀ। ਇਸ ਮੌਕੇ ਮੁਖਤਾਰ ਸਿੰਘ, ਬਲਜਿੰਦਰ ਸਿੰਘ, ਦਿਨੇਸ਼ ਭੰਡਾਰੀ, ਜਸਵੀਰ ਸਿੰਘ ਚੇਲਾ, ਹਰਜੀਤ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਰਾਣਾ ਮਠੱਡਾ, ਜਸਪ੍ਰੀਤ ਢੱਟ, ਦਵਿੰਦਰ ਸੰਧੂ, ਕਸ਼ਮੀਰ ਪੰਨੂ ਮਹਿਤਪੁਰ, ਨਗਿੰਦਰ ਸਿੰਘ ਉਧੋਵਾਨ, ਗੁਰਮੁਖ ਸਿੰਘ ਚੱਕੋਵਾਲ, ਰਸ਼ਪਾਲ ਸਿੰਘ, ਮੱਖਣ ਸਿੰਘ ਟੋਡਰਪੁਰ, ਸੁਰਿੰਦਰ ਸਿੰਘ ਮਲਕਪੁਰ, ਰਵੇਲ ਸਿੰਘ ਮਲਕਪੁਰ, ਕੁਲਜੀਤ ਸਿੰਘ, ਸਰਵਣ ਸਿੰਘ ਲਾਦੀਆਂ, ਮੇਜਰ ਸਿੰਘ ਕੁਲਥਮ, ਜੱਗਾ ਸਿੰਘ ਰਾਣੇ, ਦੀਪੀ ਮੂਸਾਪੁਰ, ਜੀਤ ਸਰਹਾਲਾ ਰਾਣੂਆਂ, ਰਵਿੰਦਰ ਸਿੰਘ ਬਿੰਦਾ, ਮੇਜਰ ਸਿੰਘ ਅਠੌਲੀ ਆਦਿ ਹਾਜਰ ਸਨ।

ਫਗਵਾੜਾ ‘ਚ ਹੋਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਹੰਗਾਮੀ ਮੀਟਿੰਗ * ਗਿਰਫਤਾਰ ਕਿਸਾਨਾਂ ਦੀ ਰਿਹਾਈ ਲਈ ਕਰਾਂਗੇ ਤਿੱਖਾ ਸੰਘਰਸ਼ – ਕਿਸਾਨ ਆਗੂ
Visits:122 Total: 54516