ਜਲੰਧਰ,…:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਮਹਿਮਾਨ ਬਲਕਾਰ ਸਿੰਘ ਸਥਾਨਕ ਸਰਕਾਰ ਅਤੇ ਸੰਸਦੀ ਕਾਰਜ ਮੰਤਰੀ ਪੰਜਾਬ ਵਲੋਂ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਨੈਸ਼ਨਲ ਹਾਕੀ ਅੰਡਰ-19 (ਮੁੰਡੇ ਅਤੇ ਕੁੜੀਆਂ) ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਹਨਾਂ ਵਲੋਂ ਰਸਮੀ ਤੌਰ ‘ਤੇ ਗੁਬਾਰੇ ਛੱਡ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸਭਿਆਚਾਰ ਸਿਰਜਿਆ ਹੈ, ਜਿਸ ਤਹਿਤ ਪਿਛਲੇ ਦੋ ਸਾਲਾਂ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਕਰਵਾਕੇ ਪਿੰਡ ਪੱਧਰ ਤੱਕ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ, ਉਥੇ ਹੀ ਬੱਚਿਆਂ ਦੀ ਖੇਡ ਨੂੰ ਹੋਰ ਨਿਖਾਰਨ ਲਈ ਸੂਬੇ ਭਰ ‘ਚ ਖੇਡ ਨਰਸਰੀਆਂ ਖੋਲਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਦੇਸ਼ ਦੇ 26 ਰਾਜਾਂ ਦੀਆਂ 50 ਹਾਕੀ ਦੀਆਂ ਟੀਮਾਂ ਨੂੰ ਪੰਜਾਬ ਆਉਣ ‘ਤੇ ਜੀ ਆਇਆਂ ਆਖਦਿਆਂ ਵਿਸ਼ੇਸ਼ ਮਹਿਮਾਨ ਅਰਜੁਨ ਅਵਾਰਡੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਤੋਂ ਪਹੁੰਚੇ ਤਕਨੀਕੀ ਡਾਇਰੈਕਟਰ ਸੰਜੇ ਗੌਤਮ ਅਤੇ ਫੀਲਡ ਅਫ਼ਸਰ ਅਮਿਤ ਗੌਤਮ ਨੇ ਦੱਸਿਆ ਕਿ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਹਾਕੀ ( ਅੰਡਰ 19) ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਭਾਗ ਲੈ ਰਹੇ ਖਿਡਾਰੀਆਂ ਨੂੰ ਜਿਲ੍ਹੇ ਵਿੱਚ ਹਰ ਤਰ੍ਹਾ ਦੀ ਸਹੂਲਤ ਮਿਲ ਰਹੀ ਹੈ। ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ,ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਹਨਾਂ ਟੀਮਾਂ ਦੇ 867 ਖਿਡਾਰੀਆਂ ਅਤੇ ਇਹਨਾਂ ਦੇ ਆਫੀਸ਼ਲ ਸਮੇਤ 950 ਦੇ ਕਰੀਬ ਮੈਂਬਰਾਂ ਦੇ ਰਹਿਣ, ਖਾਣ-ਪੀਣ ਅਤੇ ਟੂਰਨਾਮੈਂਟ ਦੇ ਮੈਚਾਂ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਡਾ: ਕੁਲਤਰਨਜੀਤ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕੈਬਨਿਟ ਮੰਤਰੀ ਮਾਨਯੋਗ ਬਲਕਾਰ ਸਿੰਘ ਅਤੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਐਸ ਡੀ ਐਮ ਜੈ ਇੰਦਰ ਸਿੰਘ, ਏ.ਸੀ.ਪੀ ਦਮਨਵੀਰ ਸਿੰਘ ਜਿਲ੍ਹਾ ਖੇਡ ਮੈਂਟਰ ਇਕਬਾਲ ਸਿੰਘ ਰੰਧਾਵਾ,ਪ੍ਰਿੰਸੀਪਲ ਭੁਪਿੰਦਰ ਸਿੰਘ, ਸਤਪਾਲ ਸੋਡੀ, ਅਨਿਲ ਅਵਸਥੀ, ਅਜੇ ਬਾਹਰੀ, ਮਨਿੰਦਰ ਕੌਰ, ਕੁਲਦੀਪ ਕੌਰ, ਸੁਖਦੇਵ ਲਾਲ ਅਤੇ ਹੈਡਮਾਸਟਰ ਹਰਬਿੰਦਰ ਪਾਲ ਮੌਜੂਦ ਸਨ
ਟੂਰਨਾਮੈਂਟ ਦਾ ਪਹਿਲਾ ਮੈਚ ਪੰਜਾਬ ਅਤੇ ਪੱਛਮੀਂ ਬੰਗਾਲ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੱਛਮੀਂ ਬੰਗਾਲ ਨੂੰ 9-0 ਨਾਲ ਹਰਾਇਆ ਅਤੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਪ੍ਰਪਾਤ ਕਰਕੇ ਖਾਤਾ ਖੋਲਿਆ। ਲੜਕੀਆਂ ਦੇ ਬਾਕੀ ਦੇ ਮੁਕਾਬਲਿਆਂ ਵਿੱਚ ਹਿਮਾਚਲ ਪ੍ਰਦੇਸ਼ ਨੇ ਚੰਡੀਗੜ੍ਹ ਨੂੰ 9-0 , ਉੱਤਰ ਪ੍ਰਦੇਸ਼ ਨੇ ਛਤੀਸਗੜ੍ਹ ਨੂੰ 3-0 , ਕਰਨਾਟਕ ਨੇ ਕੇਰਲ ਨੂੰ 1-0 , ਝਾਰਖੰਡ ਨੇ ਉਤਰਾਖੰਡ ਨੂੰ 6-0 , ਹਰਿਅਣਾ ਨੇ ਆਈ ਪੀ ਐਸ ਸੀ ਨੂੰ 11-0 , ਦਿੱਲੀ ਨੇ ਆਂਧਰਾਪ੍ਰਦੇਸ਼ ਨੂੰ 3-0 ਅਤੇ ਓਡੀਸ਼ਾ ਨੇ ਰਾਜਸਥਾਨ ਨੂੰ 4-1 ਨਾਲ ਹਰਾਇਆ। ਲੜਕਿਆਂ ਦੇ ਮੁਕਾਬਲਿਆਂ ਵਿੱਚ ਉੱਤਰ-ਪ੍ਰਦੇਸ਼ ਨੇ ਆਈ ਪੀ ਐਸ ਸੀ ਨੂੰ 8-0, ਮਹਾਰਾਸ਼ਟਰ ਨੇ ਉਤਰਾਖੰਡ ਨੂੰ 3-2 , ਓਡੀਸ਼ਾ ਨੇ ਤਮਿਲਨਾਡੂ ਨੂੰ 4-1, ਛਤੀਸਗੜ੍ਹ ਨੇ ਸੀ ਆਈ ਐਸ ਸੀ ਈ ਨੂੰ 4-2 , ਰਾਜਸਥਾਨ ਨੇ ਬਿਹਾਰ ਨੂੰ 1-0, ਗੁਜਰਾਤ ਨੇ ਚੰਡੀਗੜ੍ਹ ਨੂੰ 3-0 ਅਤੇ ਹਰਿਅਣਾ ਨੇ ਦਿੱਲੀ ਨੂੰ 6-0 ਨਾਲ ਹਰਾਇਆ। ਕੇਰਲ ਅਤੇ ਕਰਨਾਟਕ ਵਿੱਚ ਮੁਕਾਬਲਾ 0-0 ਨਾਲ ਬਰਾਬਰ ਰਿਹਾ। ਅੱਜ ਦੇ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਰਜਿੰਦਰ ਪਾਲ ਸਿੰਘ , ਹਰਮੇਸ਼ ਲਾਲ ਘੇੜਾ, ਤਜਿੰਦਰ ਸਿੰਘ, ਚੰਦਰ ਸ਼ੇਖਰ ਅਤੇ ਨਵਤੇਜ ਸਿੰਘ ਬੱਲ ਵੱਲੋਂ ਵੱਖ-ਵੱਖ ਗਰਾਊਂਡਾਂ ਬਤੌਰ ਗਰਾਊਂਡ ਕਨਵੀਨਰ ਦੀ ਭੂਮਿਕਾ ਨਿਭਾਈ ਗਈ। ਅੱਜ ਦੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਬਲਜੀਤ ਕੌਰ ਬੱਲ ਅਤੇ ਰੋਹਿਤ ਸੈਣੀ ਨੇ ਬਖੂਬੀ ਨਿਭਾਈ।
67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਹਾਕੀ ਮੁਕਾਬਲਿਆਂ ਦੀ ਜਲੰਧਰ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸਭਿਆਚਾਰ ਸਿਰਜਿਆ : ਬਲਕਾਰ ਸਿੰਘ….ਵਿਨੋਦ ਸ਼ਰਮਾ ਦੀ ਰਿਪੋਰਟ 8528121325
Visits:131 Total: 44703