
ਬਟਾਲਾ….ਪ੍ਰਾਈਵੇਟ ਕੰਪਨੀਆਂ ਦੇ ਔਰਤਾਂ ਸਿਰ ਚੜ੍ਹੇ ਕਰਜ਼ਾ ਮਾਫੀ ਅਤੇ ਦਿਹਾੜੀ 700 ਰੁਪਏ ਕਰਾਉਣ, ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਐਸ ਡੀ ਐਮ ਦਫਤਰ ਬਟਾਲਾ ਅੱਗੇ ਜਾਰੀ ਪੱਕੇ ਮੋਰਚਾ ਦੇ 17 ਵੇ ਦਿਨ ਅੱਜ ਮੋਰਚਾ ਸਥਾਨ ਤੇ ਕਰਜ਼ਾ ਮਾਫੀ ਅਤੇ ਰੁਜ਼ਗਾਰ ਪ੍ਰਾਪਤੀ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਕਰਜ਼ਦਾਰ ਔਰਤਾਂ ਮਰਦਾਂ ਨੇ ਹਿਸਾ ਲਿਆ।
ਇਸ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਪ੍ਰਾਈਵੇਟ ਮਾਇਕਰੋਫੈਨਾਸ ਕੰਪਨੀਆਂ ਦਲਿਤਾਂ, ਗਰੀਬਾਂ ਦੀਆਂ ਔਰਤਾਂ ਨੂੰ ਕਰਜ਼ਾ ਜਾਲ਼ ਵਿੱਚ ਫਸਾਕੇ ਆਉਣ ਵਾਲੀਆਂ ਨਸਲਾਂ ਨੂੰ ਗੁਲਾਮ ਬਣਾਉਣ ਦੀ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਵੱਧ ਰਹੀ ਬੇਰੁਜ਼ਗਾਰੀ, ਲੱਕਤੋੜ ਮਹਿੰਗਾਈ ਕਾਰਨ ਗਰੀਬ ਪਰਿਵਾਰਾਂ ਦੀਆਂ ਔਰਤਾਂ ਕਰਜ਼ਾ ਜਾਲ਼ ਵਿੱਚ ਘਿਰ ਆਤਮਹੱਤਿਆ ਦੇ ਰਸਤੇ ਤੁਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 12 ਘੰਟੇ ਕੰਮ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁੱਖ ਮੰਤਰੀ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਆਪ ਸਰਕਾਰ ਭਾਜਪਾ ਦੀ ਬੀ ਟੀਮ ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਬਿਜਲੀ ਬਿੱਲ ਮਾਫ਼ ਕਰਨ, 36 ਹਜ਼ਾਰ ਨੌਕਰੀਆਂ ਦੇਣ, ਹਸਪਤਾਲ, ਸਕੂਲਾਂ ਦੇ ਨਵੀਨੀਕਰਨ ਸਮੇਤ ਹੋਰ ਗੱਪਾਂ ਮਾਰਕੇ ਮਸ਼ਹੂਰੀਆਂ ਤੇ ਸਰਕਾਰੀ ਖਜ਼ਾਨੇ ਦੇ ਅਰਬਾਂ ਰੁਪਏ ਪਾਣੀ ਦੀ ਤਰ੍ਹਾਂ ਰੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ, ਰੁਜ਼ਗਾਰ ਪ੍ਰਾਪਤੀ ਸਮੇਤ ਹੋਰ ਮਜ਼ਦੂਰ ਮੰਗਾਂ ਲਈ ਮੰਤਰੀਆਂ ਦੇ ਦਫ਼ਤਰਾਂ ਅੱਗੇ ਮੋਰਚੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਰ ਆਪ ਸਰਕਾਰ ਸੱਚੀਂ ਆਮ ਆਦਮੀ ਦੀ ਸਰਕਾਰ ਹੈ ਤਾਂ ਮੁੱਖ ਮੰਤਰੀ ਮਾਨ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਜ਼ਬਤ ਕਰਕੇ ਦਲਿਤਾਂ ਵਿਚ ਵੰਡੀਆਂ ਜਾਣ। ਮਨਰੇਗਾ ਸਮੇਤ ਹਰ ਮਜ਼ਦੂਰ ਦੀ ਦਿਹਾੜੀ 700 ਰੁਪਏ ਲਾਗੂ ਕਰੇ, ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ 18 ਮਹੀਨਿਆਂ ਦੇ ਰਾਜ਼ ਕਾਲ ਨੇ ਸ਼ਾਬਤ ਕਰ ਦਿੱਤਾ ਹੈ ਮੁੱਖ ਮੰਤਰੀ ਮਾਨ ਛੋਟੇ ਮੁਲਾਜ਼ਮਾਂ, ਦਲਿਤਾਂ, ਗਰੀਬਾਂ ਵਿਰੋਧੀ ਮੁੱਖ ਮੰਤਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਜ਼ਮੀਨੇ ਦਲਿਤਾਂ ਗਰੀਬਾਂ ਸਿਰ ਚੜ੍ਹੇ ਕਰਜ਼ਾ ਮਾਫ ਕਰਕੇ ਰੁਜ਼ਗਾਰ ਚਲਾਉਣ ਲਈ ਘੱਟ ਵਿਆਜ ਤੇ ਸਰਕਾਰੀ ਬੈਂਕਾਂ ਚੋਂ 2 ਲੱਖ ਕਰਜ਼ਾ ਦੇਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਗਰੰਟੀਆ ਨੂੰ ਲਾਗੂ ਕਰਵਾਉਣ ਅਤੇ ਲੁੱਟ ਅਤੇ ਜ਼ਬਰ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਸਮਾਜਿਕ ਏਕਤਾ ਲਹਿਰ ਖੜ੍ਹੀ ਕਰਨ ਲਈ ਪੰਜਾਬ ਅੰਦਰ ਜਾਗ੍ਰਤੀ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਕਪਤਾਨ ਸਿੰਘ ਬਾਸਰਪੁਰਾ, ਕੁਲਵਿੰਦਰ ਕੌਰ ਦਸੂਹਾ, ਜੰਗੀਰ ਕੌਰ ਹੁਸ਼ਿਆਰਪੁਰ, ਦਲਵੀਰ ਸਿੰਘ ਟਕਾਪੁਰ, ਰਾਜਵਿੰਦਰ ਸਿੰਘ, ਸੁਰਜੀਤ ਕੌਰ, ਸ਼ਿੰਦਰ ਕੌਰ, ਦਿਲਪ੍ਰੀਤ ਕੌਰ, ਅਰਵਿੰਦ, ਪਰਮਜੀਤ ਕੌਰ, ਨੇ ਵੀ ਸੰਬੋਧਨ ਕੀਤਾ।