ਫਗਵਾੜਾ … ਜਪਾਨ ‘ਚ ਭਾਰਤੀ ਦੂਤਾਵਾਸ ‘ਚ ਯੋਜਨਾ ਤੇ ਖੋਜ ਵਿਭਾਗ ਦੇ ਫਸਟ ਸੈਕ੍ਰੇਟਰੀ ਸ਼੍ਰੀ ਸੰਜੀਵ ਮਨਚੰਦਾ ਨੇ ਜਲੰਧਰ ਦੇ ਐਨ.ਆਰ.ਆਈਜ. ਭਵਨ ਵਿਖੇ ਐਸੋਸੀਏਸ਼ਨ ਆਫ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ (ਅਕੋਸ) ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਉਹਨਾਂ ਦੇ ਨਾਲ ਸ਼੍ਰੀ ਜਸਵੰਤ ਸਿੰਘ (ਆਈ.ਐਫ.ਐਸ.), ਕਾਉਂਸਲਰ, ਕੌਂਸਲ ਦਫਤਰ (ਸਾਨ ਫਰਾਂਸਿਸਕੋ) ਯੂ.ਐਸ.ਏ. ਵੀ ਸਨ। ਇਸ ਮੀਟਿੰਗ ‘ਚ ਏ.ਡੀ.ਸੀ ਜਲੰਧਰ ਵਰਿੰਦਰ ਸਿੰਘ ਬਾਜਵਾ ਅਤੇ ਖੇਤਰੀ ਪਾਸਪੋਰਟ ਅਧਿਕਾਰੀ ਸ਼੍ਰੀ ਅਨੂਪ ਸਿੰਘ ਨੇ ਵੀ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਕੋਸ ਸੰਸਥਾ ਦੇ ਪ੍ਰਧਾਨ ਅਸ਼ੋਕ ਭਾਟੀਆ ਨੇ ਦੱਸਿਆ ਕਿ ਮੀਟਿੰਗ ਦਾ ਮਕਸਦ ਜਾਪਾਨ ਵਿੱਚ ਵਰਕ ਵੀਜ਼ਾ ਨੂੰ ਉਤਸ਼ਾਹਿਤ ਕਰਨਾ ਸੀ। ਭਾਟੀਆ ਅਨੁਸਾਰ ਜਾਪਾਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਸੰਜੀਵ ਮਨਚੰਦਾ ਨੇ ਦੱਸਿਆ ਹੈ ਕਿ ਉੱਥੇ ਵਰਕ ਵੀਜ਼ਾ ਲਈ ਅੰਗਰੇਜ਼ੀ ਦਾ ਗਿਆਨ ਜ਼ਰੂਰੀ ਨਹੀਂ ਹੈ ਅਤੇ ਆਈਲੈਟਸ ਸਿੱਖਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਕੰਮ ਚਲਾਊ ਜਾਪਾਨੀ ਭਾਸ਼ਾ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ, ਪਰ ਭਾਰਤੀਆਂ ਲਈ ਇਸ ਨੂੰ ਸਿੱਖਣਾ ਬਹੁਤ ਆਸਾਨ ਹੈ ਕਿਉਂਕਿ ਜਾਪਾਨੀ ਭਾਸ਼ਾ ਹਿੰਦੀ ਅਤੇ ਸੰਸਕ੍ਰਿਤ ਦੇ ਬਹੁਤ ਨੇੜੇ ਹੈ। ਜਾਪਾਨ ਵਿੱਚ ਹੁਨਰ ਅਤੇ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਐਨ.ਐਸ.ਡੀ.ਸੀ. ਅਤੇ ਟੈਕਨੀਕਲ ਇੰਟਰ ਸਿਖਲਾਈ ਪ੍ਰੋਗਰਾਮ (“9“P) ਰਾਹੀਂ ਜਾਪਾਨ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਾਸ ਅਤੇ ਜਾਪਾਨੀ ਭਾਸ਼ਾ ਦੀ ਸਿਖਲਾਈ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਪਾਨ ਵਿੱਚ ਪੰਜ ਸਾਲ ਕੰਮ ਕਰਨ ਤੋਂ ਬਾਅਦ ਪੀ.ਆਰ. ਲਈ ਅਪਲਾਈ ਕੀਤਾ ਜਾ ਸਕਦਾ ਹੈ। ਜਾਪਾਨ ਦੁਨੀਆ ਦੇ ਖੂਬਸੂਰਤ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਲੋਕ ਬਹੁਤ ਦੋਸਤਾਨਾ ਸੁਭਾਅ ਵਾਲੇ ਅਤੇ ਮਿਹਨਤੀ ਹਨ ਜੋ ਭਾਰਤੀ ਸੰਸਕ੍ਰਿਤੀ ਦਾ ਬਹੁਤ ਸਤਿਕਾਰ ਕਰਦੇ ਹਨ। ਸ਼ੁੱਧ ਵਾਤਾਵਰਨ ਪੱਖੋਂ ਵੀ ਜਾਪਾਨ ਇੱਕ ਮਹਾਨ ਦੇਸ਼ ਹੈ। ਭਾਟੀਆ ਨੇ ਦੱਸਿਆ ਕਿ ਵਰਕ ਵੀਜ਼ੇ ’ਤੇ ਜਾਪਾਨ ’ਚ ਕੰਮ ਕਰਨ ਦੇ ਇੱਛੁਕ ਲੋਕ ਸਬੰਧਤ ਵੈੱਬਸਾਈਟਾਂ ’ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਅਕੋਸ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ, ਜਨਰਲ ਸਕੱਤਰ ਦਵਿੰਦਰ ਕੁਮਾਰ, ਸੁਖਵਿੰਦਰ ਨਾਂਦੜਾ, ਅਸ਼ੀਸ਼ ਆਹੂਜਾ, ਤੇਜਿੰਦਰ ਸਿੰਘ ਮੁਲਤਾਨੀ, ਸੁਰਿੰਦਰ ਰਾਣਾ, ਜਸਪਾਲ ਸਿੰਘ ਆਦਿ ਹਾਜ਼ਰ ਸਨ