ਹੁਸ਼ਿਆਰਪੁਰ, 11 ਜੂਨ ( ਕੁਲਦੀਪ ਸਿੰਘ ਨੂਰ, ਹਰਵਿੰਦਰ ਸਿੰਘ ਭੁੰਗਰਨੀ ),ਵੱਖ ਵੱਖ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਗੁੱਜਰ ਭਾਈਚਾਰੇ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੇ ਕੀਤੇ ਜਾ ਰਹੇ ਉਜਾੜੇ, ਸੜਕਾਂ ਤੇ ਹੋਰਨਾਂ ਜਨਤਕ ਥਾਵਾਂ ’ਤੇ ਲਗਾਏ ਬੂਟਿਆਂ ਦੇ ਨੁਕਸਾਨ ਤੇ ਸ਼ਰੇਆਮ ਸੜਕਾਂ ’ਤੇ ਪਸ਼ੂਆਂ ਨੂੰ ਘੁਮਾਉਣ ਦੇ ਚੱਲਦਿਆਂ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਮੂਹ ਨਗਰ ਵਾਸੀਆਂ, ਗਰਾਮ ਪੰਚਾਇਤਾਂ ਤੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ-ਫਗਵਾੜਾ ਮਾਰਗ ’ਤੇ ਥਾਣਾ ਮੇਹਟੀਆਣਾ ਸਾਹਮਣੇ ਚੱਕਾ ਜਾਮ ਕਰਕੇ ਥਾਣਾ ਮੁਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੂੰ ਯਾਦ ਪੱਤਰ ਦੇਣ ਮੌਕੇ ਲਗਾਏ ਰੋਸ ਧਰਨੇ ਸੰਬੋਧਨ ਕਰਦਿਆਂ ਦੋਆਬਾ ਜਨਰਲ ਕੈਟਾਗਰੀਜ਼ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਤੇ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ-ਵੱਖ ਮੁੱਦਿਆਂ ਤੇ ਗੁੱਜਰ ਭਾਈਚਾਰੇ ਵੱਲੋਂ ਸ਼ਰੇਆਮ ਸੜਕਾਂ, ਪਿੰਡ ਦੀਆਂ ਗਰਾੳਂੂਡਾਂ, ਸ਼ਮਸ਼ਾਨਘਾਟਾਂ, ਫ਼ਸਲਾਂ ਦੇ ਉਜਾੜੇ ਸਬੰਧੀ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਕਿਸਾਨ ਆਪਣੇ ਉਜਾੜੇ ਸਬੰਧੀ ਗੱਲ ਕਰਦਾ ਹੈ ਤਾਂ ਉਕਤ ਭਾਈਚਾਰਾ ਜਨਾਨੀਆਂ ਨੂੰ ਸਾਹਮਣੇ ਕਰ ਦਿੰਦਾ ਹੈ ਜਿਸ ਕਾਰਨ ਦੂਜੀ ਧਿਰ ਚੁੱਪ ਰਹਿਣ ’ਚ ਭਲਾਈ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਜਥੇਬੰਦੀਆਂ ਇਹ ਮੰਗ ਕਰਦੀਆਂ ਹਨ ਕਿ ਪਸ਼ੂਆਂ ਨੂੰ ਆਪਣੇ ਡੇਰਿਆਂ ਜਾਂ ਘਰਾਂ ’ਚ ਬੰਨ੍ਹ ਕੇ ਹੀ ਰੱਖਿਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ ਬਜਵਾੜਾ, ਕੰਢੀ ਕਿਰਸਾਨ ਯੂਨੀਅਨ ਪੰਜਾਬ, ਮਾਤਾ ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਭੁੰਗਰਨੀ, ਜਮਹੂਰੀ ਕਿਸਾਨ ਸਭਾ ਪੰਜਾਬ, ਕੰਢੀ ਕਿਸਾਨ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਦੇ ਆਗੂਆਂ ਸਮੇਤ ਸਰਪੰਚ ਸੁਖਵਿੰਦਰ ਸਿੰਘ ਡਰੋਲੀ ਖ਼ੁਰਦ, ਜਗਜੀਤ ਸਿੰਘ, ਰਘੁਵੀਰ ਸਿੰਘ ਹਰਮੋਇਆਂ, ਬਲਵਿੰਦਰ ਸਿੰਘ ਗਿੱਲ, ਨੰਬਰਦਾਰ ਸ਼ਰਨਜੀਤ ਸਿੰਘ, ਨੰਬਰਦਾਰ ਤਰਲੋਚਨ ਸੰਘ ਪੱਟੀ, ਬਰਿੰਦਰ ਸਿੰਘ ਭਿੰਡਰ, ਸਰਜਿੰਦਰ ਸਿੰਘ ਕਿੰਗ, ਜਸਵਿੰਦਰ ਸਿੰਘ ਸੰਘਾ, ਮਾ. ਅਵਤਾਰ ਸਿੰਘ ਮੋਨਾ ਕਲਾਂ, ਗੁਰਦਿਆਲ ਸਿੰਘ ਪੰਡੋਰੀ, ਸਰਪੰਚ ਸੋਢੀ ਰਾਮ ਬਡਿਆਲ, ਨੰਬਰਦਾਰ ਸਤਨਾਮ ਸਿੰਘ ਪੰਜੌੜ, ਭੁਪਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜਰ ਸਨ।