ਫਗਵਾੜਾ ।।। ਭਾਰਤੀ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਦੇ ਮੌਕੇ ’ਤੇ ਲਾਇਨਜ ਕਲੱਬ ਫਗਵਾੜਾ ਚੈਂਪੀਅਨ ਵਲੋਂ ਕਲੱਬ ਪ੍ਰਧਾਨ ਲਾਇਨ ਸੰਜੀਵ ਸੂਰੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁੱਲਾਰਾਈ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਟ ਕੀਤੀ ਅਤੇ ਨਾਲ ਹੀ ਸਕੂਲ ਨੂੰ ਬੱਚਿਆਂ ਲਈ ਖੇਡਾਂ ਦਾ ਸਮਾਨ ਵੀ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜਿੱਥੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਅੰਬੇਡਕਰ ਦੇ ਜੀਵਨ ਸਫਰ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਇੱਕ ਵਕੀਲ, ਅਰਥਸ਼ਾਸਤਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਉਹਨਾਂ ਦੀ ਸਫਲਤਾ ਦਾ ਰਾਜ਼ ਉਹਨਾਂ ਦਾ ਗਿਆਨ ਸੀ, ਜਿਸ ਨੂੰ ਉਨ੍ਹਾਂ ਨੇ ਪੜ੍ਹ-ਲਿਖ ਕੇ ਅਤੇ ਜੀਵਨ ਦੇ ਤਜ਼ਰਬਿਆਂ ਰਾਹੀਂ ਹਾਸਲ ਕੀਤਾ ਤੇ ਦੁਨੀਆ ਦੇ ਪ੍ਰਮੁੱਖ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚ ਸਥਾਨ ਪਾਇਆ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਆਪਣੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ। ਸਕੂਲ ਦੇ ਪ੍ਰਿੰਸੀਪਲ ਰਾਜਨ ਚੋਪੜਾ ਨੇ ਲਾਇਨਜ਼ ਮੈਂਬਰਾਂ ਵਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਅਤੇ ਧੰਨਵਾਦ ਪ੍ਰਗਟ ਕੀਤਾ। ਕਲੱਬ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਬੱਚਿਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੈਦਾਨੀ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਡਾਇਰੈਕਟਰ ਲਾਇਨ ਸੰਦੀਪ ਚਾਹਲ ਦੇ ਸਹਿਯੋਗ ਸਦਕਾ ਭੇਂਟ ਕੀਤੀ ਸਮੱਗਰੀ ਵਿਚ ਸਟੇਸ਼ਨਰੀ ਤੋਂ ਇਲਾਵਾ ਬੈਡਮਿੰਟਨ ਰੈਕੇਟ, ਵਾਲੀਬਾਲ ਅਤੇ ਫੁੱਟਬਾਲ ਆਦਿ ਸ਼ਾਮਲ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਪ੍ਰੋਜੈਕਟ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਅਜੈ ਕੁਮਾਰ, ਲਾਇਨ ਸ਼ਸ਼ੀ ਕਾਲੀਆ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਸਰਕਾਰੀ ਸੀ. ਸੈ. ਸਕੂਲ ਭੁੱਲਾਰਾਈ ਵਿਖੇ ਮਨਾਈ ਗਈ ਡਾ. ਅੰਬੇਡਕਰ ਜਯੰਤੀ * ਡਾ. ਅੰਬੇਡਕਰ ਨੇ ਦਿੱਤਾ ਉੱਚ ਸਿੱਖਿਆ ਪ੍ਰਾਪਤੀ ਦਾ ਸੰਦੇਸ਼ : ਗੁਰਦੀਪ ਕੰਗ
Visits:97 Total: 44762