‡
ਫਗਵਾੜਾ …ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾਂ ਸਦਕਾ ਫਗਵਾੜਾ ਦੇ ਨੈਸ਼ਨਲ ਹਾਈਵੇ ਨੰ.1 (ਨਵੀਂ ਦਿੱਲੀ-ਅੰਮ੍ਰਿਤਸਰ) ’ਤੇ ਪੈਚਵਰਕ ਕਰਵਾ ਕੇ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਲੋਕਾਂ ਨਾਲ ਜੁੜੀ ਇਸ ਸਮੱਸਿਆ ਨੂੰ ਸਮਝਿਆ ਅਤੇ ਇਸ ਦਾ ਤੁਰੰਤ ਹੱਲ ਕਰਵਾਇਆ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਦੀ ਮੁਰੰਮਤ ਦੇ ਕੰਮ ਸਬੰਧੀ ਉਹ ਖੁਦ ਪੰਚਕੂਲਾ ਅਤੇ ਜਲੰਧਰ ਵਿਖੇ ਵਿਭਾਗੀ ਅਧਿਕਾਰੀਆਂ ਨੂੰ ਮਿਲੇ ਸੀ ਤੇ ਦੱਸਿਆ ਸੀ ਕਿ ਸੜਕ ’ਤੇ ਪਏ ਡੂੰਘੇ ਟੋਏ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਜਿਸ ਦਾ ਨੋਟਿਸ ਲੈਂਦਿਆਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ.) ਵਲੋਂ ਪੈਚ ਵਰਕ ਦਾ ਕੰਮ ਕਰਵਾਇਆ ਗਿਆ ਹੈ। ਫਗਵਾੜਾ ਦੀਆਂ ਵੱਖ-ਵੱਖ ਲਿੰਕ ਸੜਕਾਂ ਅਤੇ ਖਾਸ ਤੌਰ ’ਤੇ ਮੇਨ ਜੀ.ਟੀ.ਰੋਡ ਨੂੰ ਮੇਹਲੀ ਬਾਈਪਾਸ ਰੋਡ ਨਾਲ ਜੋੜਨ ਵਾਲੀ ਕਰੀਬ ਪੰਜ ਕਿਲੋਮੀਟਰ ਲੰਬੀ ਬੰਗਾ ਰੋਡ ਦਾ ਜ਼ਿਕਰ ਕਰਦਿਆਂ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਹੈ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਪਿਛਲੇ ਦਿਨੀਂ ਧਰਨਾ ਵੀ ਦਿੱਤਾ ਸੀ ਪਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਅੱਖਾਂ ਮੀਟ ਕੇ ਕਿਸੇ ਹਾਦਸੇ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨਿਗਮ ਕਮਿਸ਼ਨਰ ਦੀ ਕਾਰਗੁਜਾਰੀ ਤੇ ਵੀ ਤੰਜ ਕਸਦਿਆਂ ਕਿਹਾ ਕਿ ਨਗਰ ਨਿਗਮ ਫਗਵਾੜਾ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ। ਜਿੱਥੇ ਰੋਜ਼ਾਨਾ ਹਜ਼ਾਰਾਂ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ। ਜੁਲਾਈ ਮਹੀਨੇ ਤੋਂ ਬਰਸਾਤ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਚੰਗਾ ਹੋਵੇਗਾ ਕਿ ‘ਸ਼ਹਿਰ ਦੀ ਧੀ’ ਵੀ ਐਨ.ਐਚ.ਏ.ਆਈ. ਤੋਂ ਪ੍ਰੇਰਨਾ ਲੈ ਕੇ ਸਮੇਂ ਸਿਰ ਸੜਕਾਂ ਦੀ ਹਾਲਤ ਸੁਧਾਰਨ ਲਈ ਕੰਮ ਕਰੇ। ਖੋਸਲਾ ਨੇ ਕਿਹਾ ਕਿ ਜੇਕਰ ਸੜਕਾਂ ਦੀ ਜਲਦੀ ਮੁੜ ਉਸਾਰੀ ਮੁਸ਼ਕਲ ਹੈ ਤਾਂ ਘੱਟੋ-ਘੱਟ ਪੈਚਵਰਕ ਤਾਂ ਕੀਤਾ ਹੀ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਆਗੂ ਪ੍ਰਦੀਪ ਆਹੂਜਾ ਵੀ ਮੌਜੂਦ ਸਨ।
।