ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
ਰਾਮਗੜ੍ਹੀਆ ਕਾਲਜ ਦੇ ਕੁਲਵੀਰ ਕੌਰ ਨੇ ਹਾਸਿਲ ਕੀਤੀ ਡਾਕਟਰੇਟ ਦੀ ਉਪਾਧੀ।
ਫਗਵਾੜਾ (9 ਫਰਵਰੀ) ਇਥੋਂ ਦੇ ਰਾਮਗੜ੍ਹੀਆ ਕਾਲਜ ਦੇ ਰਾਜਨੀਤੀ ਸਾਸ਼ਤਰ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਕੌਰ ਨੇ ਭਾਰਤ ਦੇ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਨਾਲ਼ ਰਾਜਨੀਤਕ ਸੰਬੰਧਾਂ ਉੱਤੇ ਸੀ ਟੀ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਬਾਰੇ ਦੱਸਦਿਆ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਸਿੰਘ ਨੇ ਕਿਹਾ ਕਿ ਡਾ ਕੁਲਵੀਰ ਕੌਰ ਦੀ ਇਹ ਡਿਗਰੀ ਉਹਨਾਂ ਦੀ ਅਣਥੱਕ ਮਿਹਨਤ ਅਤੇ ਸਿਰੜ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਉਹਨਾਂ ਦੀ ਖੋਜ ਨੇ ਜਿੱਥੇ ਅਕਾਦਮਿਕ ਖੇਤਰ ਵਿੱਚ ਨਵਾਂ ਮੀਲ-ਪੱਥਰ ਸਿਰਜਿਆ ਹੈ, ਉੱਥੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਉਹਨਾਂ ਦੀ ਇਸ ਸ਼ਾਨਦਾਰ ਉਪਲੱਬਧੀ ਨਾਲ਼ ਉਤਸ਼ਾਹ ਪੈਦਾ ਹੋਇਆ ਹੈ। ਆਪਣੀ ਪੀ. ਐੱਚ. ਡੀ. ਬਾਰੇ ਦੱਸਦਿਆ ਡਾ ਕੁਲਵੀਰ ਨੇ ਦੱਸਿਆ ਕਿ ਉਹਨਾਂ ਨੇ ਇਸ ਡਿਗਰੀ ਨੂੰ ਨੇਪਰੇ ਚਾੜੵਨ ਲਈ ਹਰ ਰੋਜ਼ 12 ਘੰਟੇ ਤੱਕ ਗਹਿਰ ਗੰਭੀਰ ਚਿੰਤਨ ਕੀਤਾ, ਅਤੇ ਉਹ ਸਿਰਫ ਦੋ ਘੰਟੇ ਦੀ ਹੀ ਨੀਂਦ ਲੈਂਦੇ ਸਨ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਖ਼ੋਜ ਨੂੰ ਨੇਪਰੇ ਚਾੜਨ ਲਈ ਕਾਲਜ ਨੇ ਹਰ ਸੰਭਵ ਮਦਦ ਕੀਤੀ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੇ ਪਤੀ ਡਾ. ਗੁਰਪ੍ਰੀਤ ਸਿੰਘ ਨੇ ਵੀ ਇਸ ਅਕਾਦਮਿਕ ਸਫ਼ਰ ਵਿੱਚ ਮਹੱਤਵ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਇਸ ਦੌਰਾਨ ਵੱਡੀਆਂ ਲਾਇਬ੍ਰੇਰੀਆਂ ਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਆਪਣੇ ਥੀਸੀਸ ਨਾਲ਼ ਸੰਬੰਧਿਤ ਮਹੱਤਵਪੂਰਨ ਖ਼ੋਜ ਲਿਖਤਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਦਾ ਅਧਿਐਨ ਕੀਤਾ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਇਹ ਖੋਜ ਮੌਜੂਦਾ ਅੰਤਰ-ਰਾਸ਼ਟਰੀ ਸੰਬੰਧਾਂ ਦੇ ਮੱਦੇ-ਨਜ਼ਰ ਭਾਰਤ ਦੀ ਵਿਦੇਸ਼ ਨੀਤੀ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਅਤੇ ਸਟਾਫ਼ ਨੇ ਉਹਨਾਂ ਦੀ ਸ਼ਾਲਾਘਾ ਕਰਦਿਆਂ ਦੱਸਿਆ ਕਿ ਡਾ ਕੁਲਵੀਰ ਨੇ ਆਪਣੀ ਖੋਜ ਅਤੇ ਅਧਿਆਪਨ ਦਾ ਬੇਮਿਸਾਲ ਸਮਤੋਲ ਬਣਾ ਕੇ ਰੱਖਿਆ। ਕਾਲਜ ਦੇ ਪ੍ਰਧਾਨ ਮੈਡਮ ਨੇ ਡਾ ਕੁਲਵੀਰ ਦੀ ਇਸ ਉਪਲੱਭਧੀ ਲਈ ਵਿਸ਼ੇਸ਼ ਰੂਪ ਵਿੱਚ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ਼ ਕਾਲਜ ਦਾ ਅਕਾਦਮਿਕ ਮਿਆਰ ਹੋਰ ਉੱਚਾ ਹੋਵੇਗਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ ਰਾਜਵਿੰਦਰ ਕੌਰ, ਸੁਪਰਡੈਂਟ ਸ਼੍ਰੀ ਸੁਖਵਿੰਦਰ ਸਿੰਘ, ਪ੍ਰੋ ਤਜਿੰਦਰ ਸਿੰਘ ਢਿੱਲੋਂ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਹਰੀਸ਼ ਕੁਮਾਰ, ਪ੍ਰੋ ਰਾਜਵਿੰਦਰ ਕੌਰ ਅਤੇ ਪ੍ਰੋ ਜਸਕਰਨ ਸਿੰਘ ਆਦਿ ਹਾਜ਼ਿਰ ਹੋਏ।